ਹੁਣ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ‘ਚ ਵੱਡਾ ਹੰਗਾਮਾ, ਡਿਊਟੀ ’ਤੇ ਤਾਇਨਾਤ ਗ੍ਰੰਥੀ ਸਿੰਘ ’ਤੇ ਹਮਲਾ

0
11

ਪੰਜਾਬ ‘ਚ ਆਏ ਦਿਨ ਇਕ ਨਵੇਂ ਗੁਰਦੁਆਰਾ ਸਾਹਿਬ ਤੋਂ ਨਵੀਂ ਵੀਡੀਓ ਸਾਹਮਣੇ ਆਉਂਦੀ ਹੈ। ਮੋਰਿੰਡਾ, ਪਟਿਆਲਾ ਅਤੇ ਰਾਜਪੁਰਾ ਤੋਂ ‘ਚ ਹੋਈ ਬੇਅਦਬੀ ਤੋਂ ਬਾਅਦ ਹੁਣ ਸੁਲਤਾਨਪੁਰ ਲੋਧੀ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ‘ਚ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ।  ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਪੂਰੀ ਤਰ੍ਹਾਂ ਮੂੰਹ ਬੰਨ੍ਹ ਕੇ ਆਇਆ ਅਤੇ ਡਿਊਟੀ ’ਤੇ ਤਾਇਨਾਤ ਗ੍ਰੰਥੀ ਸਿੰਘ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ। ਹਮਲਾਵਰ ਨੂੰ ਮੌਕੇ ’ਤੇ ਨਤਮਸਤਕ ਹੋਣ ਲਈ ਆਈ ਸੰਗਤ ਦੇ ਸਹਿਯੋਗ ਨਾਲ ਗ੍ਰੰਥੀ ਸਿੰਘ ਅਤੇ ਹੋਰ ਸੇਵਾਦਾਰਾਂ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਮੈਨੇਜਰ ਸਾਹਿਬ ਵੱਲੋਂ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਗ੍ਰੰਥੀ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ ।

ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਅਤੇ ਮੀਤ ਮੈਨੇਜਰ ਭਾਈ ਚੈਚਲ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਹਜ਼ੂਰੀ ਰਾਗੀ ਜਥਾ ਗੁਰਬਾਣੀ ਦਾ ਕੀਰਤਨ ਕਰ ਰਿਹਾ ਸੀ ਤਾਂ ਇਕ ਵਿਅਕਤੀ ਗੁਰਦੁਆਰਾ ਸ੍ਰੀ ਹੱਟ ਸਾਹਿਬ ਅੰਦਰ ਆਇਆ, ਜਿਸ ਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ। ਅੱਖਾਂ ’ਤੇ ਐਨਕਾਂ ਲਗਾ ਕੇ ਚਿਹਰਾ ਛੁਪਾਇਆ ਹੋਇਆ ਸੀ, ਜਿਸ ਨੂੰ ਵੇਖ ਕੇ ਡਿਊਟੀ ’ਤੇ ਤਾਇਨਾਤ ਗ੍ਰੰਥੀ ਸਿੰਘ ਨੂੰ ਸ਼ੱਕ ਹੋਇਆ ਅਤੇ ਉਸ ਨੇ ਵਿਅਕਤੀ ਨੂੰ ਆਪਣਾ ਮੂੰਹ ਤੋਂ ਕੱਪੜਾ ਹਟਾਉਣ ਲਈ ਕਿਹਾ, ਜਿਸ ’ਤੇ ਉਸ ਵਿਅਕਤੀ ਨੇ ਆਪਣੇ ਪਾਈ ਸਿਰੀ ਸਾਹਿਬ ਕੱਢ ਕੇ ਮਾਰ ਦਿੱਤੀ ਅਤੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਅੰਦਰ ਥਾਪੀਆਂ ਮਾਰਨ ਲੱਗ ਪਿਆ। ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਸੰਗਤ ਨੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਕੁਝ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਲਿਜਾ ਕੇ ਉਸ ਦੀ ਕੁੱਟਮਾਰ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਪਤਾ ਲੱਗਦੇ ਹੀ ਅਸੀਂ ਮੌਕੇ ’ਤੇ ਪੁੱਜ ਗਏ ਅਤੇ ਸੰਗਤਾਂ ਕੋਲੋਂ ਇਸ ਵਿਅਕਤੀ ਨੂੰ ਛੁਡਵਾ ਕੇ ਪੁਲਸ ਬੁਲਾਈ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।

ਮੈਨੇਜਰਾਂ ਨੇ ਇਹ ਵੀ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੇ ਦਾੜੀ ਕੱਟੀ ਹੋਈ ਹੈ ਅਤੇ ਕਮੀਜ਼ ਦੇ ਹੇਠਾਂ ਸਿਰੀ ਸਾਹਿਬ ਵੀ ਪਾਈ ਹੋਈ ਸੀ। ਮੈਨੇਜਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਸੇਵਾਦਾਰਾਂ ਦੀ ਚੌਕਸੀ ਸਦਕਾ ਸ਼ੱਕੀ ਵਿਅਕਤੀ ਪਹਿਲਾਂ ਹੀ ਕਾਬੂ ਕਰ ਲਿਆ ਗਿਆ। ਉਨ੍ਹਾਂ ਵਾਹਿਗੁਰੂ ਜੀ ਦਾ ਸ਼ੁਰਕਾਨਾ ਕੀਤਾ ਕਿ ਕਿਸੇ ਪ੍ਰਕਾਰ ਦੀ ਬੇਅਦਬੀ ਨਹੀਂ ਹੋਈ ਹੈ। ਪੁਲਸ ਨੇ ਸਬੰਧਤ ਵਿਅਕਤੀ ਨੂੰ ਲਿਜਾ ਕੇ ਪਹਿਲਾਂ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਤੇ ਉਪਰੰਤ ਜਾਂਚ ਆਰੰਭ ਕਰ ਦਿੱਤੀ ਹੈ । ਇਸ ਸੰਬੰਧੀ ਸੰਪਰਕ ਕਰਨ ‘ਤੇ ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਨੂੰ ਪੁਲਸ ਹਿਰਾਸਤ ’ਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ’ਚ ਹਿਰਾਸਤ ’ਚ ਲਏ ਵਿਅਕਤੀ ਨੇ ਦੱਸਿਆ ਕਿ ਉਹ ਮੰਡ ਇਲਾਕੇ ਦੇ ਨੇੜਲੇ ਪਿੰਡ ਦਾ ਨਿਵਾਸੀ ਹੈ ਅਤੇ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਸੀ, ਜਿੱਥੇ ਉਸ ਨੂੰ ਮੂੰਹ ਖੋਹਲਣ ਲਈ ਕਹਿ ਰਹੇ ਗ੍ਰੰਥੀ ਸਿੰਘ ਅਤੇ ਹੋਰ ਸੇਵਾਦਾਰਾਂ ਨਾਲ ਝਗੜਾ ਹੋ ਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਸ ਫਿਲਹਾਲ ਪੁੱਡਾ ਕਾਲੋਨੀ ’ਚ ਹੋਏ ਕਤਲ ਕੇਸ ਦੀ ਜਾਂਚ ’ਚ ਲੱਗੀ ਹੋਈ ਹੈ ਅਤੇ ਜਲਦੀ ਹੀ ਇਸ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video