ਮੂਸੇਵਾਲਾ ਨੂੰ ਅੱਤਵਾਦੀ ਕਹਿਣ ਵਾਲੇ ਪੁਲਿਸ ਅਧਿਕਾਰੀ ‘ਤੇ ਭੜਕੇ ਪਿਤਾ ਬਲਕੌਰ ਸਿੰਘ: ਲਿਖਤੀ ਮੁਆਫੀਨਾਮਾ ਚਾਹੀਦਾ, ਮੇਰੇ ਪੁੱਤ ਨੂੰ ਅੱਤਵਾਦੀ ਕਿਵੇਂ ਕਹਿ ਸਕਦਾ ਹੈ?

0
11

ਝਾਰਖੰਡ ਦੇ ਜਮਸ਼ੇਦਪੁਰ ‘ਚ ਪੁਲਿਸ ਅਧਿਕਾਰੀ ਨੇ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਿਹਾ। ਜਿਸ ਤੋਂ ਬਾਅਦ ਝਾਰਖੰਡ ‘ਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ, ਵੀਡੀਓ ਦੇ ਸਾਹਮਣੇ ਆਉਣ ‘ਤੇ ਪ੍ਰਸ਼ੰਸਕ ਗੁੱਸੇ ‘ਚ ਆ ਗਏ ਅਤੇ ਹੁਣ ਪੁਲਸ ਅਧਿਕਾਰੀ ਨੇ ਇਸ ਗਲਤੀ ਲਈ ਮੁਆਫੀ ਮੰਗ ਲਈ ਹੈ। ਉਸ ਦਾ ਕਹਿਣਾ ਹੈ ਕਿ ਇਹ ਸਭ ਉਸ ਨਾਲ ਅਣਜਾਣੇ ਵਿਚ ਹੋਇਆ ਹੈ। ਇਹ ਮਾਮਲਾ ਜਦੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੱਕ ਪਹੁੰਚਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਝਾਰਖੰਡ ਪੁਲਿਸ ਨੂੰ ਲਿਖਤੀ ਮੁਆਫੀਨਾਮਾ ਦੇਣਾ ਚਾਹੀਦਾ ਹੈ। ਉਹਨਾਂ ਟਵੀਟ ਕਰਦੇ ਹੋਏ ਲਿਖਿਆ, “ਮੁੱਖ ਮੰਤਰੀ ਭਗਵੰਤ ਮਾਨ ਨੂੰ ਝਾਰਖੰਡ ਦੇ ਮੁੱਖ ਮੰਤੀਰ ਹੇਮੰਤ ਸੇਰੋਨ ਨੂੰ ਪੱਤਰ ਲਿਖਣਾ ਚਾਹੀਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਅਤੇ ਪੰਜਾਬੀ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਝਾਰਖੰਡ ਪੁਲਿਸ ਨੂੰ ਲਿਖਤੀ ਮੁਆਫੀ ਮੰਗਣੀ ਚਾਹੀਦੀ ਹੈ”।

ਇਕ ਹੋਰ ਟਵੀਟ ਵਿਚ ਉਨ੍ਹਾਂ ਲਿਖਿਆ, “ਇਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅਤਿਵਾਦੀ ਕਿਵੇਂ ਕਹਿ ਸਕਦਾ ਹੈ? ਉਹ ਵਿਸ਼ਵ ਪ੍ਰਸਿੱਧ ਕਲਾਕਾਰ ਸੀ। ਭਾਰਤ ਦਾ ਨਾਂਅ ਦੁਨੀਆਂ ਭਰ ’ਚ ਚਮਕਾਉਣ ਵਾਲੇ ਨੌਜਵਾਨ ਨੂੰ ਕੋਈ ਕਿਵੇਂ ਬਦਨਾਮ ਕਰ ਸਕਦਾ ਹੈ? ਜਾਂ ਇਹ ਟਿੱਪਣੀ ਪੱਗ ਬੰਨ੍ਹਣ ਵਾਲੇ ਵਿਅਕਤੀ ਪ੍ਰਤੀ ਨਫ਼ਰਤ ਦਾ ਹਿੱਸਾ ਹੈ?”

ਦਸ ਦਈਏ ਕਿ ਘਟਨਾ ਕੁਝ ਦਿਨ ਪਹਿਲਾਂ ਦੀ ਹੈ। ਝਾਰਖੰਡ ਦੇ ਜਮਸ਼ੇਦਪੁਰ ‘ਚ ਸੀਤਾਰਾਮਡੇਰਾ ਥਾਣੇ ਦੇ ਐੱਸਐੱਚਓ ਭੂਸ਼ਣ ਕੁਮਾਰ ਨੇ ਇਲਾਕੇ ‘ਚ ਨਾਕਾ ਲਾਇਆ ਹੋਇਆ ਸੀ, ਜਦੋਂ ਇੱਕ ਵਿਅਕਤੀ ਬੁਲੇਟ ‘ਤੇ ਆਇਆ, ਉਸ ਦੇ ਪਿੱਛੇ ਸਕੂਲ ਤੋਂ ਵਾਪਸ ਆਈ ਬੇਟੀ ਵੀ ਬੈਠੀ ਸੀ। ਐਸਐਚਓ ਨੇ ਹੈਲਮੇਟ ਨਾ ਪਾਏ ਹੋਣ ਕਾਰਨ ਬੁਲੇਟ ਮੋਟਰਸਾਈਕਲ ਰੋਕ ਦਿੱਤਾ। ਵਿਅਕਤੀ ਨੇ ਬੁਲੇਟ ‘ਤੇ ਸਿੱਧੂ ਮੂਸੇਵਾਲਾ ਦਾ ਸਟਿੱਕਰ ਲਗਾਇਆ ਹੋਇਆ ਸੀ। ਇਸ ‘ਤੇ SHO ਭੂਸ਼ਣ ਕੁਮਾਰ ਨੂੰ ਗੁੱਸਾ ਆ ਗਿਆ ਅਤੇ ਕਿਹਾ- ਤੁਸੀਂ ਇਸਨੂੰ ਆਪਣਾ ਆਈਡਲ ਮੰਨ ਰਹੇ ਹੋ, ਸਿੱਧੂ ਮੂਸੇਵਾਲਾ… ਜੋ ਅੱਤਵਾਦੀ ਹੈ। ਦੂਜਾ, ਤੁਸੀਂ ਹੈਲਮੇਟ ਨਹੀਂ ਪਾਇਆ ਹੋਇਆ।

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਮਾਧਿਅਮਾਂ ਰਾਹੀਂ ਵਾਇਰਲ ਹੋਇਆ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਝਾਰਖੰਡ ਪੁਲਸ ਖਿਲਾਫ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ। ਵਧਦੇ ਵਿਰੋਧ ਨੂੰ ਦੇਖਦਿਆਂ ਝਾਰਖੰਡ ਪੁਲਿਸ ਦੇ ਐਸਐਚਓ ਭੂਸ਼ਣ ਕੁਮਾਰ ਨੇ ਇਸ ਗਲਤੀ ਲਈ ਮੁਆਫੀ ਮੰਗੀ ਹੈ। ਇਸ ਅਣਜਾਣੇ ਵਿੱਚ ਹੋਈ ਗਲਤੀ ਲਈ ਐਸਐਚਓ ਭੂਸ਼ਣ ਕੁਮਾਰ ਨੇ ਸੋਸ਼ਲ ਮੀਡੀਆ ਉੱਤੇ ਮੁਆਫੀ ਮੰਗੀ ਹੈ। ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਇਸ ਦੌਰਾਨ ਸਪੈਸ਼ਲ ਨਾਕੇ ‘ਤੇ ਇਕ ਵਿਅਕਤੀ ਨੂੰ ਬਿਨਾਂ ਹੈਲਮੇਟ ਦੇ ਆਉਂਦਾ ਦੇਖਿਆ ਗਿਆ। ਬੁਲੇਟ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਲੱਗੀ ਹੋਈ ਸੀ। ਉਹ ਸਿੱਧੂ ਮੂਸੇਵਾਲਾ ਬਾਰੇ ਬਹੁਤਾ ਨਹੀਂ ਜਾਣਦੇ ਸਨ। ਵੀਡੀਓ ਵਾਇਰਲ ਹੋਣ ‘ਤੇ ਉਸ ਬਾਰੇ ਜਾਣਕਾਰੀ ਮਿਲੀ।

ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਇਹ ਵੱਡੀ ਗਲਤੀ ਸੀ। ਅਣਜਾਣੇ ਵਿਚ ਇਸ ਨੂੰ ਮਨੁੱਖੀ ਗਲਤੀ ਕਿਹਾ ਜਾ ਸਕਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਪਤਾ ਲੱਗਾ ਕਿ ਉਹ ਦੇਸ਼ ਦੇ ਕਈ ਨੌਜਵਾਨਾਂ ਦਾ ਆਈਡਲ ਹੈ। ਪਿਛਲੇ ਸਾਲ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਪਰਿਵਾਰ ਇਨਸਾਫ ਲਈ ਲੜ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਇਸ ਗਲਤੀ ਲਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video