ਪੰਜਾਬ ਦੇ ਵਿੱਤੀ ਹਾਲਾਤਾਂ ‘ਤੇ ਸੀ.ਐਮ. ਦੀ ਪ੍ਰੈੱਸ ਕਾਨਫਰੰਸ, ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ

0
6

ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਲੈਕੇ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੇ ਵਿੱਤੀ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀਆਂ ਵਲੋਂ ਚੁੱਕੇ ਜਾਂਦੇ ਸਵਾਲਾਂ ਦਾ ਵੀ ਜਵਾਬ ਦਿੱਤਾ।  ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਸਰਕਾਰ ਦੇ ਵਿੱਤੀ ਹਾਲਾਤ ’ਤੇ ਸਵਾਲ ਚੁੱਕ ਰਹੀਆਂ ਹਨ ਜਦਕਿ ਇਸ ਵਾਰ ਦਾ ਓਵਰਆਲ ਰੈਵੇਨਿਊ 88 ਸੌ 41 ਕਰੋੜ ਰੁਪਏ ਹੈ, ਜਿਹੜਾ ਹੁਣ ਤਕ ਦਾ ਸਭ ਤੋਂ ਵੱਧ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਰੈਵੇਨਿਊ ਪਿਛਲੀ ਵਾਰ ਨਾਲੋਂ 2587 ਕਰੋੜ ਰੁਪਏ ਜ਼ਿਆਦਾ ਹੈ, ਯਾਨੀ ਕਿ ਇਸ ਵਿਚ 41.41 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2023-24 ਵਿਚ ਸਾਡਾ ਟਾਰਗਿਟ ਦਾ 10 ਹਜ਼ਾਰ ਕਰੋੜ ਦਾ ਹੈ। ਇਸ ਤੋਂ ਪਹਿਲਾਂ ਵੀ ਇਹ ਟਾਰਗਿਟ ਹਾਸਲ ਕੀਤੇ ਜਾ ਸਕਦੇ ਸਨ ਪਰ ਪਹਿਲੀਆਂ ਸਰਕਾਰਾਂ ਨੇ ਮਾਫੀਆ ਬਣਾ ਲਏ ਅਤੇ ਸਾਰਾ ਪੈਸਾ ਇਨ੍ਹਾਂ ਦੇ ਘਰਾਂ ਵਿਚ ਹੀ ਗਿਆ।

ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਜੀ. ਐੱਸ. ਟੀ. ਦੀ ਕਲੈਕਸ਼ਨ ਹੈ। ਜਿਸ ਵਿਚ ਪੰਜਾਬ ਪਹਿਲਾਂ ਲਾਸਟ ਜਾਂ ਸੈਕਿੰਡ ਲਾਸਟ ’ਤੇ ਹੁੰਦਾ ਸੀ ਪਰ ਇਸ ਵਾਰ 18 ਹਜ਼ਾਰ 126 ਕਰੋੜ ਰੁਪਿਆ ਜੀ. ਐੱਸ. ਟੀ. ਦੀ ਕਲੈਕਸ਼ਨ ਹੋਇਆ ਹੈ, ਜਿਸ ਵਿਚ 16.6 ਫੀਸਦੀ ਦਾ ਵਾਧਾ ਹੈ। ਇਸ ਸਦਕਾ ਅਸੀਂ ਸਿਖਰਲੇ ਸੂਬਿਆਂ ਵਿਚ ਆ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੀ. ਐੱਸ. ਟੀ. ਕਲੈਕਸ਼ਨ ਹੋਰ ਵਧਾਈ ਜਾਵੇਗੀ। ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਜਿਸਟਰੀ ’ਤੇ ਸਵਾ ਦੋ ਫੀਸਦੀ ਟੈਕਸ ਘਟਾਇਆ ਗਿਆ, ਜਿਸ ਕਾਰਣ ਲੋਕਾਂਨੇ ਰਜਿਸਟਰੀ ਕਰਵਾਉਣ ਵਿਚ ਖਾਸੀ ਦਿਲਚਸਪੀ ਦਿਖਾਈ। ਇਸ ਨਾਲ ਸਾਨੂੰ ਇਕਲੇ ਮਾਰਚ ਵਿਚ 78 ਫੀਸਦੀ ਰੈਵੇਨਿਊ ਦਾ ਵਾਧਾ ਹੋਇਆ। ਅਪ੍ਰੈਲ ਮਹੀਨੇ ਵਿਚ ਇਸ ਹੋਰ ਰੈਵੇਨਿਊ ਵਧੇਗਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਪਹਿਲਾਂ ਜਦੋਂ ਪੀਐਸਪੀਸੀਐਲ ਦਾ ਨਾਮ ਆਉਂਦਾ ਸੀ ਤਾਂ ਮਨ ਵਿਚ ਘਾਟਾ ਸ਼ਬਦ ਹੀ ਆਉਂਦਾ ਸੀ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਉਹਨਾਂ ਕਿਹਾ ਕਿ 2022-23 ਵਿੱਚ ਇਹ ਪਹਿਲੀ ਵਾਰ ਹੈ ਜਦੋਂ ਬਿਜਲੀ ਬੋਰਡ ਦੇ 20200 ਕਰੋੜ ਰੁਪਏ ਦਿੱਤੇ ਗਏ ਹਨ ਤੇ ਹੁਣ ਸਬਸਿਡੀ ਦਾ ਕੋਈ ਬਕਾਇਆ ਨਹੀਂ ਹੈ।  ਪ੍ਰੈੱਸ ਕਾਨਫਰੰਸ ਦੌਰਾਨ ਸੀਐਮ ਭਗਵੰਤ ਮਾਨ ਦੇ ਨਾਲ ਪੀਐਸਪੀਸੀਐਲ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਵੀ ਮੌਜੂਦ ਸਨ। ਸੀਐਮ ਮਾਨ ਨੇ ਕਿਹਾ, ਪਹਿਲਾਂ ਸਬਸਿਡੀ ਦੇ ਪੈਸੇ ਪੀਐਸਪੀਸੀਐਲ ਨੂੰ ਨਹੀਂ ਦਿੱਤੇ ਜਾਂਦੇ ਸਨ, ਪਰ ਹੁਣ ਲਗਾਤਾਰ ਦਿੱਤੇ ਜਾ ਰਹੇ ਹਨ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video