ਪੰਜਾਬ ‘ਚ ਮੁੜ ਹੜ੍ਹਾਂ ਵਰਗੀ ਸਥਿਤੀ: ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਈ ਮਾਨ ਸਰਕਾਰ

0
26

ਪੰਜਾਬ ‘ਚ ਮੁੜ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਡੈਮ ‘ਚੋਂ ਪਾਣੀ ਛੱਡਣ ਕਾਰਨ ਨਦੀਆਂ ਊਫਾਨ ‘ਤੇ ਚੱਲ ਰਹੀਆਂ ਹਨ ਜਿਸ ਕਾਰਨ ਨਜ਼ਦੀਕੀ ਇਲਾਕਿਆਂ ‘ਚ ਪਾਣੀ ਭਰ ਚੁੱਕਾ ਹੈ। ਇਸ ਮਾਮਲੇ ‘ਚ ਇਕ ਵਾਰ ਫਿਰ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ, ਨਾਲ ਹੀ ਆਪਣੇ ਹਲਕੇ ਦੇ ਲੋਕਾਂ ਦੀ ਸੁਰੱਖਿਆ ਦੀ ਮੰਗ ਕੀਤੀ ਗਈ। ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਹਲਕੇ ਦੀ ਇਕ ਵੀਡੀਓ ਸਾਂਝੀ ਕੀਤੀ ਅਤੇ ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਇਹਨਾਂ ਖੇਤਰਾਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਤੁਰੰਤ ਕਦਮ ਚੁੱਕਣ ਦੀ ਬੇਨਤੀ ਕੀਤੀ। ਟਵੀਟ ਕਰਦੇ ਹੋਏ ਖਹਿਰਾ ਨੇ ਲਿਖਿਆ, “ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾਂ ਹਾਂ ਕਿ ਮੇਰੇ ਹਲਕੇ ਭੁਲੱਥ ਦੇ ਪਿੰਡ ਮੰਡ ਤਲਵੰਡੀ ਕੂਕਾ, ਮੰਡ ਸਰਦਾਰ ਸਾਹਿਬ, ਮੰਡ ਰਾਏਪੁਰ ਅਰਾਈਆਂ ਆਦਿ ਪਿੰਡਾਂ ਵਿੱਚੋਂ ਮੰਡ ਬੇਸਿਨ ਜਾਂ ਦਰਿਆ ਬਿਆਸ ਦੇ ਕੈਚਮੈਂਟ ਖੇਤਰ ਵਿੱਚੋਂ ਲੋਕਾਂ ਨੂੰ ਕੱਢਣ ਲਈ ਤੁਰੰਤ ਕਦਮ ਚੁੱਕਣ।  ਕਿਉਂਕਿ ਬਿਨਾਂ ਕਿਸੇ ਚੇਤਾਵਨੀ ਦੇ ਹਿਮਾਚਲ ਪ੍ਰਦੇਸ਼ ਦੇ ਡੈਮਾਂ ਤੋਂ ਅਚਾਨਕ ਭਾਰੀ ਮਾਤਰਾ ਵਿੱਚ ਪਾਣੀ ਪੰਜਾਬ ਵਿੱਚ ਛੱਡਿਆ ਗਿਆ ਹੈ।

ਉਹਨਾਂ ਲਿਖਿਆ ਕਿ ਇਹ ਵੀਡੀਓ ਮੇਰੇ ਹਲਕੇ ਦੀ ਹੈ ਜਿੱਥੇ ਦਰਿਆ ਬਿਆਸ ਦਾ ਪਾਣੀ ਕੰਢਿਆਂ ਨੂੰ ਛੂਹ ਗਿਆ ਹੈ ਜਿਸ ਕਾਰਨ ਮੈਂ ਤੁਹਾਨੂੰ ਉਹਨਾਂ ਲੋਕਾਂ ਨੂੰ ਦਰਿਆ ਦੇ ਜਲ ਖੇਤਰ ਤੋਂ ਕੱਢਣ ਲਈ ਕਹਿ ਰਿਹਾ ਜੋ ਅਜੇ ਵੀ ਉੱਥੇ ਫਸੇ ਹੋਏ ਹਨ। ਇੱਕ ਹੋਰ ਵੱਡਾ ਖ਼ਤਰਾ ਜੰਮੂ-ਕਟੜਾ ਐਕਸਪ੍ਰੈਸਵੇਅ ਦਾ ਚੱਲ ਰਿਹਾ ਨਿਰਮਾਣ ਹੈ ਜੋ ਕਿ ਦਰਿਆ ਦੇ ਬੇਸਿਨ ਦੇ ਅੰਦਰ ਇੱਕ ਦੀਵਾਰ ਵਾਂਗ ਰੁਕਾਵਟ ਹੈ ਕਿਉਂਕਿ ਇਹ ਉੱਚੀ ਸੜਕ ਤਾਂ ਨਹੀਂ ਹੈ ਪਰ ਇਹ ਸਿਰਫ ਪਾਈਪਾਂ ਰਾਹੀਂ ਹੀ ਇੰਟਰਵਲਜ਼ ‘ਤੇ ਪਾਣੀ ਜਾਣ ਦਿੰਦਾ ਹੈ ਜੋ ਹੜ੍ਹ ਦੇ ਪਾਣੀ ਨੂੰ ਸੰਭਾਲਣ ਲਈ ਕਾਫ਼ੀ ਨਹੀਂ ਹਨ। ਹਾਲਾਂਕਿ ਮੈਂ ਡੀਸੀ ਕਪੂਰਥਲਾ ਨਾਲ ਗੱਲ ਕੀਤੀ ਹੈ ਪਰ ਮੈਂ ਸਰਕਾਰ ਨੂੰ ਲੋਕਾਂ ਨੂੰ ਕੱਢਣ ਲਈ ਤੁਰੰਤ ਮੋਟਰ ਬੋਟ ਭੇਜਣ ਦੀ ਅਪੀਲ ਕਰਦਾ ਹਾਂ।

ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗਿਦੱੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਉਹਨਾਂ ਕਿਹਾ ਕਿ ਮਾਨ ਸਾਹਿਬ ਹੜ੍ਹਾਂ ਨੇ ਫੇਰ ਦਸਤਕ ਦੇ ਦਿੱਤੀ ਹੈ ਅਤੇ ਪ੍ਰਸ਼ਾਸ਼ਨ ਕਿਤੇ ਨਜ਼ਰ ਨਹੀਂ ਆ ਰਿਹਾ । ਪਹਿਲਾਂ ਵਾਲਾ ਰਾਹਤ ਪੈਕੇਜ ਵੀ ਲੋਕਾਂ ਨੂੰ ਅਜੇ ਤੱਕ ਨਹੀਂ ਮਿਲਿਆ। ਲੋਕਾਂ ਦੇ ਘਰ ਰੁੜ੍ਹ ਗਏ, ਫਸਲਾਂ ਤਬਾਹ ਹੋ ਗਈਆਂ ਅਤੇ ਫੇਰ ਦੁਬਾਰਾ ਤਬਾਹ ਹੋ ਰਹੀਆਂ ਹਨ। ਉਹਨਾਂ ਕਿਹਾ ਇਹੀ ਸਮਾਂ ਹੈ ਕਿ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਆਪ ਭਗਵੰਤ ਮਾਨ ਜੀ ਜਾ ਕੇ ਜਾਨਣ ਦਾ ਹੈ ਨਾ ਕਿ ਸਿਰਫ ਐਲਾਨ ਕਰਨ, ਆਮ ਲੋਕ ਬਹੁਤ ਪਰੇਸ਼ਾਨ ਹਨ।

ਦਸ ਦਈਏ ਕਿ ਪਹਾੜੀ ਇਲਾਕਿਆਂ ‘ਚ ਹੋ ਰਹੀ ਬਾਰਿਸ਼ ਨੇ ਜਿਥੇ ਉਥੇ ਤਬਾਹੀ ਮਚਾਈ ਹੋਈ ਹੈ। ਇਸਦੇ ਨਾਲ ਹੀ ਭਾਖੜਾ ਡੈਮ ਅਤੇ ਪੌਂਗ ਡੈਮ ‘ਚ ਵੀ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਇਸ ਦੌਰਾਨ ਡੈਮ ਪ੍ਰਸ਼ਾਸਨ ਨੇ ਦੋਵਾਂ ਡੈਮਾਂ ਦੇ ਗੇਟ ਦਿੱਤੇ ਹਨ ਜਿਸ ਕਾਰਨ ਸਤਲੁਜ ਅਤੇ ਬਿਆਸ ਨਦੀ ਊਫਾਨ ‘ਤੇ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਨਦੀਆਂ ਦੇ ਨੜਲੇ ਇਲਾਕਿਆਂ ‘ਚ ਪਾਣੀ ਭਰ ਚੁੱਕਾ ਹੈ ਅਤੇ ਲੋਕ ਮੁੜ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਹੇ ਹਨ।

  Leave feedback about this

  • Quality
  • Price
  • Service

  PROS

  +
  Add Field

  CONS

  +
  Add Field
  Choose Image
  Choose Video