ਜੇਲ੍ਹ ‘ਚ ਬੰਦ ਮਨੀਸ਼ ਸਿਸੋਦੀਆ ਨੂੰ ਯਾਦ ਕਰ ਭਾਵੁਕ ਹੋਏ ਅਰਵਿੰਦ ਕੇਜਰੀਵਾਲ, ਸਟੇਜ ‘ਤੇ ਖੜਿਆ ਦੇ ਆਏ ਹੰਝੂ

0
6

ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਅ ਨੂੰ ਯਾਦ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਵੁਕ ਹੋ ਗਏ। ਇਕ ਵਿਦਿਅਕ ਸੰਸਥਾ ਦੇ ਉਦਘਾਟਨ ਮੌਕੇ ਸਿਸੋਦੀਆ ਨੂੰ ਯਾਦ ਕਰਦੇ ਹੋਏ ਕੇਜਰੀਵਾਲ ਦੀਆਂ ਅੱਖਾਂ ‘ਚ ਹੰਝੂ ਆ ਗਏ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ (ਮਨੀਸ਼ ਸਿਸੋਦੀਆ) ਦਾ ਸੁਫ਼ਨਾ ਸੀ। ਇਹ ਲੋਕ ਚਾਹੁੰਦੇ ਹਨ ਕਿ ਦਿੱਲੀ ਦੀ ਸਿੱਖਿਆ ਕ੍ਰਾਂਤੀ ਖ਼ਤਮ ਹੋ ਜਾਵੇ, ਉਸਨੂੰ ਖ਼ਤਮ ਨਹੀਂ ਹੋਣ ਦੇਵਾਂਗੇ।

ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੇ ਇਸਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਉਨ੍ਹਾਂ ਦਾ ਸੁਫ਼ਨਾ ਸੀ ਕਿ ਹਰ ਬੱਚੇ ਨੂੰ ਚੰਗੀ ਸਿੱਖਿਆ ਮਿਲੇ। ਇਨ੍ਹਾਂ ਨੇ ਝੂਠੇ ਦੋਸ਼ ਲਗਾ ਕੇ ਫਰਜ਼ੀ ਮੁਕੱਦਮੇ ਕਰਕੇ ਇੰਨੇ ਚੰਗੇ ਇਨਸਾਨ ਨੂੰ ਜੇਲ੍ਹ ‘ਚ ਬੰਦ ਕਰਕੇ ਰੱਖਿਆ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ‘ਚ ਕਿਉਂ ਰੱਖਿਆ ਹੋਇਆ ਹੈ? ਦੇਸ਼ ‘ਚ ਇੰਨੇ ਵੱਡੇ ਡਾਕੂ ਹਨ, ਉਨ੍ਹਾਂ ਨੂੰ ਨਹੀਂ ਫੜਦੇ ਪਰ ਮਨੀਸ਼ ਨੂੰ ਜੇਲ੍ਹ ‘ਚ ਰੱਖਿਆ ਹੈ ਕਿਉਂਕਿ ਮਨੀਸ਼ ਚੰਗੇ ਸਕੂਲ ਬਣਾ ਰਹੇ ਹਨ ਤਾਂ ਉਨ੍ਹਾਂ ਨੂੰ ਤਕਲੀਫ ਹੋ ਰਹੀ ਹੈ।

ਉਥੇ ਹੀ ਕੇਜਰੀਵਾਲ ਨੇ ਉਪ ਰਾਜਪਾਲ ਵੀ.ਕੇ. ਸਕਸੈਨਾ ‘ਤੇ ਬੁੱਧਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਅਪਰਾਧੀ ਬੇਖੌਫ ਹਨ ਅਤੇ ਲੋਕਾਂ ਦਾ ਪੁਲਸ ਤੋਂ ਭਰੋਸਾ ਖ਼ਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਸਿਆਸਤ ਕਰਨ ਦੀ ਬਜਾਏ ਆਪਣੇ ਸੰਵਿਧਾਨਕ ਕਰਤਵ ਪੂਰੇ ਕਰਨ। ਕੇਜਰੀਵਾਲ ਨੇ ਟਵੀਟ ਕੀਤਾ ਕਿ ਦਿੱਲੀ ‘ਚ ਹਰ ਰੋਜ਼ ਅਪਰਾਧ ਦੀਆਂ ਖ਼ਬਰਾਂ ਆ ਰਹੀਆਂ ਹਨ। ਅਪਰਾਧੀ ਬੇਖੌਫ ਹਨ, ਜਨਤਾ ਦਾ ਪੁਲਸ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਉਪ ਰਾਜਪਾਲ ਸਾਹਿਬ, ਸਮਾਂ ਕੱਢ ਕੇ ਦੇਖੋ ਕਿ ਜਨਤਾ ਕਿੰਨੀ ਡਰੀ ਹੋਈ ਹੈ। ਜਨਤਾ ਸਿਆਸਤ ਨਹੀਂ ਸਗੋਂ ਕੰਮ ਚਾਹੁੰਦੀ ਹੈ, ਸੁਰੱਖਿਆ ਚਾਹੁੰਦੀ ਹੈ। ਸਿਆਸਤ ਕਰਨ ਦੀ ਬਚਾਏ ਕ੍ਰਿਪਾ ਕਰਕੇ ਉਹ ਕੰਮ ਕਰੋ ਜੋ ਸੰਵਿਧਾਨ ਨੇ ਤੁਹਾਨੂੰ ਸੌਂਪਿਆ ਹੈ। ਉਪ ਰਾਜਪਾਲ ਦੇ ਦਫਤਰ ਵੱਲੋਂ ਤਤਕਾਲ ਇਸ ਸੰਬੰਧ ‘ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।