‘ਖੇਡਾ ਵਤਨ ਪੰਜਾਬ ਦੀਆਂ’ ‘ਚ CM ਭਗਵੰਤ ਮਾਨ ਖੇਡਣਗੇ ਵਾਲੀਬਾਲ ਮੈਚ, ਖੇਡ ਵਿਭਾਗ ਸੀਜ਼ਨ-2 ਦੀਆਂ ਤਿਆਰੀਆਂ ‘ਚ ਜੁਟਿਆ

0
32

ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸਾਲ ਦੀ ਸਫ਼ਲਤਾ ਤੋਂ ਬਾਅਦ ਹੁਣ ਇਸਦਾ ਦੂਜਾ ਸੀਜ਼ਨ 29 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਕੌਮੀ ਖੇਡ ਦਿਵਸ ਵਾਲੇ ਦਿਨ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦਾ ਉਦਘਾਟਨ ਕਰਨਗੇ। ਉਥੇ ਹੀ ਹੁਣ ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਖੇਡ ਵਿਭਾਗ ਵੱਲੋਂ ਬਠਿੰਡਾ ਵਿੱਚ ਕਰਵਾਏ ਜਾ ਰਹੇ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 2 ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨਾਲ ਵਾਲੀਬਾਲ ਖੇਡਦੇ ਹੋਏ ਨਜ਼ਰ ਆਉਣਗੇ। ਇਸ ਦੌਰਾਨ ਵਾਲੀਬਾਲ, ਰਗਬੀ ਅਤੇ ਟੱਗ ਆਫ ਵਾਰ ਦੇ ਪ੍ਰਦਰਸ਼ਨੀ ਮੈਚ ਵੀ ਕਰਵਾਏ ਜਾਣਗੇ। ਸੀਐਮ ਮਾਨ ਦੀ ਤਰ੍ਹਾਂ ਫਿਲਮ ਅਦਾਕਾਰ ਅਤੇ ਸਾਬਕਾ ਰਗਬੀ ਖਿਡਾਰੀ ਰਾਹੁਲ ਬੋਸ ਵੀ ਪ੍ਰਫੋਰਮ ਕਰਨਗੇ। ਇਹ ਜਾਣਕਾਰੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ।

ਖੇਡ ਮੰਤਰੀ ਹੇਅਰ ਨੇ ਪੰਜਾਬ ਭਵਨ ਵਿਖੇ ਖੇਡਾਂ ਦੀਆਂ ਤਿਆਰੀਆਂ ਸਬੰਧੀ ਸਮੂਹ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਮੀਤ ਹੇਅਰ ਨੇ ਦੱਸਿਆ ਕਿ ਮਸ਼ਾਲ ਰਿਲੇਅ 29 ਅਗਸਤ ਨੂੰ ਬਠਿੰਡਾ ਪਹੁੰਚੇਗੀ, ਜਿੱਥੇ ਇਸ ਦਾ ਸੀਜ਼ਨ-2 ਖੇਡਿਆ ਜਾਵੇਗਾ। ਇਹ ਮਸ਼ਾਲ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਹੋਣ ਵਾਲੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਬਠਿੰਡਾ ਪੁੱਜੇਗੀ। ਮਸ਼ਾਲ ਰਿਲੇਅ ਵਿੱਚ ਸੂਬੇ ਦੇ ਨਾਮਵਰ ਖਿਡਾਰੀ ਭਾਗ ਲੈਣਗੇ ਅਤੇ ਖਿਡਾਰੀਆਂ ਨੂੰ ਸੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ ਜਾਵੇਗੀ।

ਮੀਤ ਹੇਅਰ ਨੇ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਲੋਕ ਗਾਇਕ ਪੇਸ਼ਕਾਰੀ ਕਰਨਗੇ। ਇਸ ਤੋਂ ਇਲਾਵਾ ਗਤਕਾ, ਗਿੱਧਾ, ਭੰਗੜਾ, ਜਿਮਨਾਸਟਿਕ ਅਤੇ ਪੀ.ਟੀ.ਸ਼ੋਅ ਵੀ ਹੋਣਗੇ। ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਸਾਬਕਾ ਖਿਡਾਰੀ ਵੀ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਖੇਡਾਂ ਦੇ ਉਦਘਾਟਨ ਦਾ ਰਸਮੀ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ। ਇਸ ਵਾਰ ਵੱਖ-ਵੱਖ 8 ਉਮਰ ਵਰਗਾਂ ਵਿੱਚ ਬਲਾਕ ਤੋਂ ਲੈ ਕੇ ਰਾਜ ਪੱਧਰ ਤੱਕ 35 ਖੇਡ ਮੁਕਾਬਲੇ ਕਰਵਾਏ ਜਾਣਗੇ। ਮੀਟਿੰਗ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਖੇਡ ਮੰਤਰੀ ਨੇ ਸਮਾਗਮ ਦੀਆਂ ਗਤੀਵਿਧੀਆਂ ਨੂੰ ਖੇਡਾਂ ਦੀ ਸੱਚੀ ਭਾਵਨਾ ਨਾਲ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਟੇਡੀਅਮ ‘ਚ ਆਉਣ ਵਾਲੇ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਉਨ੍ਹਾਂ ਦੇ ਦਾਖਲੇ, ਬੈਠਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇ। ਇਹ ਵੀ ਦੱਸ ਦਈਏ ਕਿ ਖੇਡਾ ਵਤਨ ਪੰਜਾਬ ਦੀਆ ਸੀਜ਼ਨ-2 ਦੀ ਮਸ਼ਾਲ ਜੋ ਕਿ ਲੁਧਿਆਣਾ ਤੋਂ ਚੱਲੀ ਸੀ, ਅੱਜ ਜਲੰਧਰ ਪਹੁੰਚੀ। ਜਲੰਧਰ ਦੇ ਸਰਕਟ ਹਾਊਸ ਵਿਖੇ ਇਸ ਮਸ਼ਾਲ ਦਾ ਸਵਾਗਤ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਆਮ ਆਦਮੀ ਪਾਰਟੀ ਦੇ ਕੈਂਟ ਇੰਚਾਰਜ ਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਮਹਾਜਨ ਨੇ ਕੀਤਾ।

    Leave feedback about this

    • Quality
    • Price
    • Service

    PROS

    +
    Add Field

    CONS

    +
    Add Field
    Choose Image
    Choose Video